ਸਿੰਘਪੁਰੀਆ ਮਿਸਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੰਘਪੁਰੀਆ ਮਿਸਲ: ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਇਕ, ਜਿਸ ਦਾ ਸੰਸਥਾਪਕ ਚੌਧਰੀ ਦਲੀਪ ਸਿੰਘ ਦਾ ਪੁੱਤਰ ਸ. ਕਪੂਰ ਸਿੰਘ ਵਿਰਕ ਜੱਟ ਸੀ। ਇਸ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਫ਼ੈਜ਼ੁਲਾ ਖ਼ਾਨ ਦੁਆਰਾ ਵਸਾਏ ਫ਼ੈਜ਼ੁਲਾਪੁਰਾ ਨਾਂ ਦੇ ਕਸਬੇ ਉਤੇ ਕਬਜ਼ਾ ਕਰਕੇ ਇਸ ਦਾ ਨਾਂ ‘ਸਿੰਘਪੁਰਾ ’ ਰਖਿਆ। ਇਸ ਦੀਆਂ ਜੁਝਾਰੂ ਵਿਸ਼ੇਸ਼ਤਾਵਾਂ ਕਾਰਣ ਪੰਥ ਵਿਚ ਕਾਫ਼ੀ ਪ੍ਰਤਿਸ਼ਠਾ ਹੋ ਗਈ। ਇਸ ਦੇ ਜੱਥੇ ਨੂੰ ‘ਸਿੰਘਪੁਰੀਆ’ ਨਾਂ ਦਿੱਤਾ ਜਾਣ ਲਗਾ ਅਤੇ ਇਸ ਹੀ ਨਾਂ’ਤੇ ਇਸ ਦੀ ਮਿਸਲ ਕਾਇਮ ਹੋਈ। ਕਈ ਇਤਿਹਾਸਕਾਰ ਇਸ ਨੂੰ ‘ਫ਼ੈਜ਼ੁਲਾਪੁਰੀ ਮਿਸਲ’ ਵੀ ਕਹਿੰਦੇ ਹਨ।

            ਸੰਨ 1733 ਈ. ਵਿਚ ਲਾਹੌਰ ਦੇ ਮੁਗ਼ਲ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ਨਾਲ ਸ਼ਾਂਤੀ ਬਣਾਏ ਰਖਣ ਲਈ ਇਕ ਲੱਖ ਦੀ ਜਾਗੀਰ ਅਤੇ ਨਵਾਬੀ ਦਾ ਖ਼ਿਲਤ ਸ. ਸਬੇਗ ਸਿੰਘ ਹੱਥੀਂ ਭੇਜਿਆ। ਪੰਥ ਨੇ ਸ. ਕਪੂਰ ਸਿੰਘ ਨੂੰ ਨਵਾਬੀ ਦਾ ਖ਼ਿਲਤ ਪ੍ਰਦਾਨ ਕੀਤਾ। ਉਸ ਨੇ ਸਿੱਖ ਸੈਨਿਕ ਬਲ ਨੂੰ ਵਿਵਸਥਿਤ ਰੂਪ ਦੇਣ ਲਈ ਦੋ ਦਲਾਂ—ਬੁੱਢਾ ਦਲ ਅਤੇ ਤੁਰਣਾ ਦਲ— ਵਿਚ ਵੰਡ ਦਿੱਤਾ। ਪਰ ਜ਼ਕਰੀਆ ਖ਼ਾਨ ਨੇ ਸੰਨ 1735 ਈ. ਅਹਿਦਨਾਮਾ ਤੋੜ ਕੇ ਸਿੱਖਾਂ ਉਤੇ ਫਿਰ ਜ਼ੁਲਮ ਢਾਹਣੇ ਸ਼ੁਰੂ ਕਰ ਦਿੱਤੇ। ਸ. ਕਪੂਰ ਸਿੰਘ ਆਪਣੇ ਸੂਰਬੀਰਾਂ ਸਹਿਤ ਮਾਲਵੇ ਵਲ ਨਿਕਲ ਗਿਆ ਅਤੇ ਸੁਨਾਮ ਦਾ ਇਲਾਕਾ ਜਿਤ ਕੇ ਬਾਬਾ ਆਲਾ ਸਿੰਘ ਨੂੰ ਦਿੱਤਾ। ਫਿਰ ਦਿੱਲੀ ਵਲ ਪ੍ਰਸਥਾਨ ਕਰਕੇ ਫ਼ਰੀਦਾਬਾਦ, ਬਲਭਗੜ੍ਹ ਅਤੇ ਗੁੜਗਾਵਾਂ ਨੂੰ ਅਧੀਨ ਕੀਤਾ ਅਤੇ ਝੱਝਰ , ਪਟੌਦੀ ਆਦਿ ਦੇ ਪ੍ਰਸ਼ਾਸਕਾਂ ਤੋਂ ਖ਼ਿਰਾਜ ਵਸੂਲ ਕੀਤਾ।

            ਸੰਨ 1748 ਈ. ਵਿਚ ਕਪੂਰ ਸਿੰਘ ਨੇ ‘ਦਲ- ਖ਼ਾਲਸਾ ’ ਦੀ ਸਥਾਪਨਾ ਕਰਕੇ, ਉਸ ਦੀ ਕਮਾਂਡ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹਵਾਲੇ ਕਰ ਦਿੱਤੀ। ਉਂਜ ਭਾਵੇਂ ਇਸ ਦੀ ਦਲ ਖ਼ਾਲਸਾ ਨੂੰ ਸਦਾ ਸਰਪ੍ਰਸਤੀ ਪ੍ਰਾਪਤ ਰਹੀ। ਇਸ ਨੇ ਆਪਣੇ ਅਧੀਨ ਕੇਵਲ ਸਿੰਘਪੁਰੀਆ ਮਿਸਲ ਨੂੰ ਰਖਿਆ। ਇਸ ਮਿਸਲ ਨੂੰ ਬੁੱਢਾ ਦਲ ਵਿਚ ਸ਼ਾਮਲ ਕੀਤਾ ਗਿਆ। ਸੰਨ 1753 ਈ. ਵਿਚ ਇਸ ਦੇ ਦੇਹਾਂਤ ਤੋਂ ਬਾਦ ਖ਼ੁਸ਼ਹਾਲ ਸਿੰਘ ਮਿਸਲਦਾਰ ਬਣਿਆ ਅਤੇ ਮਿਸਲ ਦੇ ਅਧਿਕਾਰ ਵਿਚ ਜਲਿੰਧਰ, ਹੈਬਤਪੁਰ, ਪੱਟੀ , ਭਾਰਤਗੜ੍ਹ, ਘਨੌਲੀ ਆਦਿ ਨਗਰ ਲਿਆਉਂਦੇ। ਇਸ ਨੇ ਪਟਿਆਲੇ ਦੇ ਰਾਜਾ ਅਮਰ ਸਿੰਘ ਨਾਲ ਰਲ ਕੇ ਰਾਇਕੋਟ ਦੇ ਨਵਾਬ ਤੋਂ ਛੱਤ ਅਤੇ ਬਨੂੜ ਦੇ ਨੇੜੇ-ਤੇੜੇ ਦੇ 23 ਪਿੰਡ ਜਿਤੇ। ਖ਼ੁਸ਼ਹਾਲ ਸਿੰਘ ਦੀ ਸੰਨ 1795 ਈ. ਵਿਚ ਹੋਈ ਮ੍ਰਿਤੂ ਤੋਂ ਬਾਦ ਉਸ ਦਾ ਲੜਕਾ ਬੁੱਧ ਸਿੰਘ ਮਿਸਲਦਾਰ ਬਣਿਆ। ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਮਿਸਲ ਦੀ ਰਿਆਸਤ ਨੂੰ ਆਪਣੇ ਅਧੀਨ ਕਰਕੇ ਬੁੱਧ ਸਿੰਘ ਨੂੰ ਸਤਲੁਜ ਦਰਿਆ ਦੇ ਹੇਠਲੇ ਪਾਸੇ ਮਨੌਲੀ ਦੀ ਜਾਗੀਰ ਦੇ ਦਿੱਤੀ। ਇਸ ਮਿਸਲ ਦੇ ਸਤਲੁਜ ਪਾਰ ਵਾਲੇ ਇਲਾਕੇ ਨੂੰ ਅੰਗ੍ਰੇਜ਼ਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਤਰ੍ਹਾਂ ਇਸ ਮਿਸਲ ਦੀ ਹੋਂਦ ਖ਼ਤਮ ਹੋ ਗਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸਿੰਘਪੁਰੀਆ ਮਿਸਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਿੰਘਪੁਰੀਆ ਮਿਸਲ :  ਇਹ ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਇਕ ਸੀ। 29 ਮਾਰਚ, 1748 ਨੂੰ ਜਦੋਂ ਦਲ ਖ਼ਾਲਸਾ ਹੋਂਦ ਵਿਚ ਆਇਆ ਤਾਂ ਉਸ ਦਾ ਇਕ ਸਰਦਾਰ, ਚੌਧਰੀ ਦਲੀਪ ਸਿੰਘ ਦਾ ਪੁੱਤਰ, ਨਵਾਬ ਕਪੂਰ ਸਿੰਘ ਵਿਰਕ ਸੀ। ਉਸ ਦੀ ਮਿਸਲ ਦਾ ਨਾਂ ਉਸ ਦੇ ਪਿੰਡ 'ਸਿੰਘ ਪੁਰਾ' ਜਿਸ ਦਾ ਪਹਿਲਾ ਨਾਂ ਫੈਜ਼ਲਪੁਰਾ ਸੀ, ਦੇ ਨਾਂ ਉੱਤੇ 'ਮਿਸਲ ਸਿੰਘਪੁਰੀਆ' (ਜਾਂ ਮਿਸਲ ਫੈਜ਼ਲਪੁਰੀਆ) ਰਖਿਆ ਗਿਆ।

        ਨਵਾਬ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ। ਉਹ ਦੀਵਾਨ ਦਰਬਾਰਾ ਸਿੰਘ ਦੀ ਮੌਤ ਪਿੱਛੋਂ ਪੰਥ ਦਾ ਜਥੇਦਾਰ ਚੁਣਿਆ ਗਿਆ। ਉਸ ਨੇ ਖ਼ਾਲਸਾ ਫ਼ੌਜ ਦੇ ਦੋ ਜੱਥੇ ਬਣਾ ਦਿੱਤੇ ,ਬੁੱਢਾ ਦਲ ਅਤੇ ਤਰੁਨਾ ਦਲ । ਉਹ ਆਪ ਬੁੱਢਾ ਦਲ ਦਾ ਜਥੇਦਾਰ ਨਿਯੁਕਤ ਹੋਇਆ। ਉਸ ਦੇ ਕਹਿਣ ਤੇ ਭਾਈ ਮਨੀ ਸਿੰਘ ਦਾ ਭਤੀਜਾ ਅਘੜ ਸਿੰਘ ਲਾਹੌਰ ਦੇ ਨਾਇਬ ਸੂਬੇਦਾਰ ਮੋਮਨ ਖ਼ਾਂ ਦਾ ਸਿਰ ਲਾਹ ਲਿਆਇਆ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਜਦੋਂ ਲਾਹੌਰ ਦੇ ਤਖ਼ਤ ਤੇ ਕਬਜ਼ਾ ਕਰ ਕੇ ਸਿੱਕਾ ਚਲਾਇਆ ਉਸ ਵੇਲੇ ਨਵਾਬ ਕਪੂਰ ਸਿੰਘ ਉਸ ਦੇ ਨਾਲ ਸੀ। ਸੰਨ 1762 ਵਿਚ ਵੱਡੇ ਘਲੂਘਾਰੇ ਸਮੇਂ ਸਿੰਘਾਪੁਰੀਆਂ ਦੀ ਮਿਸਲ ਬੜੀ ਬਹਾਦਰੀ ਨਾਲ ਲੜੀ। ਬਾਕੀ ਮਿਸਲਾਂ ਨੇ ਜਦੋਂ ਸਰਹਿੰਦ ਦੀ ਲੜਾਈ ਪਿੱਛੋਂ ਸਰਹਿੰਦ ਸੂਬੇ ਦੇ ਇਲਾਕੇ ਮੱਲੇ ਤਾਂ ਸਿੰਘਪੁਰੀਆਂ ਨੇ ਅਬੋਹਰ, ਆਦਮਪੁਰ, ਛੱਤ ਬਨੂੜ, ਮਨੌਲੀ, ਘਨੌਲੀ, ਭਰਤਗੜ੍ਹ, ਬੰਗਾ ਆਦਿ ਇਲਾਕਿਆਂ ਤੇ ਕਬਜ਼ਾ ਕਰ ਲਿਆ। ਇਹ ਲੜਾਈ ਨਵਾਬ ਕਪੂਰ ਸਿੰਘ ਦੀ ਅੰਤਿਮ ਲੜਾਈ ਸੀ। 17 ਨਵੰਬਰ, 1763 ਨੂੰ ਜਦ ਹਰਿਮੰਦਰ ਸਾਹਿਬ ਦੀ ਨੀਂਹ ਦਬਾਰਾ ਰੱਖੀ ਗਈ ਤਾਂ ਇਹ ਪਵਿੱਤਰ ਕਾਰਜ ਨਵਾਬ ਕਪੂਰ ਸਿੰਘ ਪਾਸੋਂ ਕਰਵਾਇਆ ਗਿਆ। ਇਸ ਤੋਂ ਕੁਝ ਸਮੇਂ ਬਾਅਦ ਅੰਮ੍ਰਿਤਸਰ ਵਿਖੇ ਉਸ ਦੀ ਮੌਤ ਹੋ ਗਈ। ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਭਤੀਜਾ ਸਰਦਾਰ ਖੁਸ਼ਹਾਲ ਸਿੰਘ ਇਸ ਮਿਸਲ ਦਾ ਸਰਦਾਰ ਬਣਿਆ। ਉਸ ਦੀ ਸਰਦਾਰੀ ਹੇਠ ਇਸ ਮਿਸਲ ਨੇ ਜਲੰਧਰ, ਬੁਲੰਦਗੜ੍ਹ, ਬਹਿਰਾਮਪੁਰ ਤੇ ਨੂਰਪੁਰ ਆਦਿ ਇਲਾਕਿਆਂ ਤੇ ਕਬਜ਼ਾ ਕੀਤਾ ਅਤੇ ਮਾਲਵੇ ਦੀਆਂ ਕਈ ਮੁਹਿੰਮਾਂ ਵਿਚ ਭਾਗ ਲਿਆ। ਸੰਨ 1785 ਵਿਚ ਸਰਦਾਰ ਖੁਸ਼ਹਾਲ ਸਿੰਘ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਬੁੱਧ ਸਿੰਘ ਮਿਸਲਦਾਰ ਬਣਿਆ। ਉਸ ਨੇ ਤਰਨਤਾਰਨ ਦੇ ਸਰੋਵਰ ਨੂੰ ਪੱਕਿਆਂ ਕੀਤਾ। ਪਹਿਲਾਂ ਕੁਝ ਚਿਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਹਾ ਪਰ ਫ਼ਿਰ ਬਾਗ਼ੀ ਹੋ ਗਿਆ। ਸੰਨ 1811 ਵਿਚ ਹੁਕਮ ਅਦੂਲੀ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਵਿਰੁੱਧ ਫ਼ੌਜ ਭੇਜੀ। ਅੰਤ ਹਾਰ ਕੇ ਅੰਗਰੇਜ਼ਾਂ ਕੋਲ ਲੁਧਿਆਣੇ ਚਲਾ ਗਿਆ ਅਤੇ 1816 ਈ. ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਨਾਲ ਹੀ ਇਸ ਮਿਸਲ ਦਾ ਲਗਭਗ ਅੰਤ ਹੋ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-02-47-49, ਹਵਾਲੇ/ਟਿੱਪਣੀਆਂ: ਹ. ਪੁ. –ਸਿ. ਮਿ. ਸੀਤਲ; ਰਾਈਜ਼ ਆਫ਼ ਸਿੱਖ ਪਾਵਰ ਇਨ ਪੰਜਾਬ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.